ਕੇਂਦਰੀ ਯੂਨੀਵਰਸਿਟੀ ਵਿਖੇ ਘੱਟ ਕਾਰਬਨ ਨਾਲ ਸੰਚਾਲਿਤ ਟਿਕਾਊ ਵਿਕਾਸ 'ਤੇ ਵਰਕਸ਼ਾਪ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 28 ਮਾਰਚ 2024: ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਈਸ-ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ ਘੱਟ ਕਾਰਬਨ ਨਾਲ ਸੰਚਾਲਿਤ ਟਿਕਾਊ ਵਿਕਾਸ ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ ਦਾ ਉਦਘਾਟਨੀ ਸੈਸ਼ਨ ਕਰਵਾਇਆ ਗਿਆ। ਯੂਨੀਵਰਸਿਟੀ ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਵੱਲੋਂ ਸੈਂਟਰ ਫਾਰ ਮੀਡੀਆ ਸਟੱਡੀਜ਼ (ਸੀ.ਐਮ.ਐਸ.) ਦੇ ਸਹਿਯੋਗ ਨਾਲ 27-28 ਮਾਰਚ, 2024 ਨੂੰ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਆਸਟ੍ਰੇਲੀਅਨ ਹਾਈ ਕਮਿਸ਼ਨ, ਨਵੀਂ ਦਿੱਲੀ, ਦੁਆਰਾ ਸਪਾਂਸਰ ਕੀਤੇ ਗਏ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਜਲਵਾਯੂ ਪਰਿਵਰਤਨ ਦੇ ਮੱਦੇਨਜ਼ਰ ਘੱਟ ਕਾਰਬਨ ਨਾਲ ਸੰਚਾਲਿਤ ਟਿਕਾਊ ਵਿਕਾਸ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਉਦਘਾਟਨੀ ਸੈਸ਼ਨ ਦੌਰਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਅਤੇ ਸੀਐਮਐਸ ਪ੍ਰੋਗਰਾਮਾਂ ਦੀ ਡਾਇਰੈਕਟਰ ਸ੍ਰੀਮਤੀ ਅੰਨੂ ਆਨੰਦ ਨੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ, ਸੀਐਮਐਸ ਪ੍ਰੋਗਰਾਮ ਦੀ ਡਾਇਰੈਕਟਰ ਸ੍ਰੀਮਤੀ ਅੰਨੂ ਆਨੰਦ ਨੇ ਕਿਹਾ ਕਿ ਸੀਐਮਐਸ ਪਿਛਲੇ ਸੱਤ ਸਾਲਾਂ ਤੋਂ ਪੱਤਰਕਾਰਾਂ ਅਤੇ ਮੀਡੀਆ ਦੇ ਵਿਦਿਆਰਥੀਆਂ ਲਈ ਮੌਸਮੀ ਤਬਦੀਲੀ ਦੇ ਪਹਿਲੂਆਂ ਨਾਲ ਸਬੰਧਤ ਚੇਤੰਨ ਪੱਤਰਕਾਰੀ ਬਾਰੇ ਸਿਖਲਾਈ ਪ੍ਰੋਗਰਾਮ ਕਰਵਾ ਰਿਹਾ ਹੈ। ਅੱਜ, ਜਿੱਥੇ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਵੱਡੇ ਪੱਧਰ 'ਤੇ ਦਿਖਾਈ ਦੇ ਰਿਹਾ ਹੈ ਅਤੇ ਟਿਕਾਊ ਵਿਕਾਸ ਅਭਿਆਸਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਬਣ ਗਈ ਹੈ, ਉੱਥੇ ਵਾਤਾਵਰਣ ਪ੍ਰਤੀ ਚੇਤੰਨ ਪੱਤਰਕਾਰੀ ਦੀ ਭੂਮਿਕਾ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਹੋ ਗਈ ਹੈ। ਇਸ ਲਈ ਪੱਤਰਕਾਰਾਂ ਨੂੰ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਨਾਲ ਸਬੰਧਤ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰਨੀਆਂ ਚਾਹੀਦੀਆਂ ਹਨ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗਿਕ ਕ੍ਰਾਂਤੀ ਦੇ ਦੌਰ ਵਿੱਚ ਵਿਸ਼ਵ ਭਰ ਵਿੱਚ ਤੇਜੀ ਨਾਲ ਵਿਕਾਸ ਕਰਨ ਦੀ ਦੌੜ ਦੌਰਾਨ ਕੁਦਰਤੀ ਸਰੋਤਾਂ ਦੀ ਜ਼ਿਆਦਾ ਵਰਤੋਂ ਹੋਣ ਕਾਰਨ ਕਾਰਬਨ ਫੁੱਟਪ੍ਰਿੰਟ ਵਿੱਚ ਵਾਧਾ ਹੋਇਆ ਹੈ। ਇਸ ਨਾਲ ਨਾ ਸਿਰਫ ਵੱਖ-ਵੱਖ ਸੂਬਿਆਂ ਵਿੱਚ ਅਚਾਨਕ ਹੜ੍ਹਾਂ ਅਤੇ ਸੋਕੇ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਸਗੋਂ ਸਮੁੱਚੀ ਮਨੁੱਖੀ ਸਭਿਅਤਾ ਲਈ ਗਲੋਬਲ ਵਾਰਮਿੰਗ ਅਤੇ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ। ਭਾਰਤੀ ਗਿਆਨ ਪ੍ਰਣਾਲੀ ਨੇ ਹਮੇਸ਼ਾ ਸਾਨੂੰ ਕੁਦਰਤੀ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਵਿਕਾਸ ਅਭਿਆਸਾਂ ਨੂੰ ਅਪਣਾਉਣ ਲਈ ਮਾਰਗਦਰਸ਼ਨ ਪ੍ਰਦਾਨ ਕੀਤਾ ਹੈ।
ਪ੍ਰੋਫੈਸਰ ਤਿਵਾੜੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਰਕਸ਼ਾਪ ਨੌਜਵਾਨ ਪੱਤਰਕਾਰਾਂ ਦੀ ਸਮਰੱਥਾ ਨਿਰਮਾਣ ਵਿੱਚ ਮਦਦ ਕਰੇਗੀ ਜੋ ਸਾਡੀ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਘੱਟ ਕਾਰਬਨ-ਸੰਚਾਲਿਤ ਵਿਕਾਸ ਦੇ ਮਹੱਤਵ ਅਤੇ ਟਿਕਾਊ ਵਿਕਾਸ ਰਣਨੀਤੀਆਂ ਨੂੰ ਅਪਣਾਉਣ ਬਾਰੇ ਜਾਗਰੂਕਤਾ ਫੈਲਾਉਣਗੇ। ਇਸ ਤਰ੍ਹਾਂ ਅਸੀਂ ਭਾਰਤ ਨੂੰ ਜ਼ੀਰੋ ਕਾਰਬਨ ਨਿਕਾਸੀ ਵਾਲਾ ਦੇਸ਼ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਾਂਗੇ।ਇਸ ਵਰਕਸ਼ਾਪ ਦੇ ਪਹਿਲੇ ਦਿਨ, ਸੀ.ਐੱਮ.ਐੱਸ. ਪ੍ਰੋਗਰਾਮਾਂ ਦੀ ਡਾਇਰੈਕਟਰ ਸ਼੍ਰੀਮਤੀ ਅੰਨੂ ਆਨੰਦ ਨੇ ਸ਼੍ਰੀਮਤੀ ਵਰਣਿਕਾ ਪ੍ਰਕਾਸ਼ ਕਪੂਰ ਅਤੇ ਸ਼੍ਰੀ ਨਿਸ਼ਾਂਤ ਸਕਸੈਨਾ ਨਾਲ ਚਾਰ ਇੰਟਰਐਕਟਿਵ ਸੈਸ਼ਨ ਦੌਰਾਨ ਵੱਡਮੁਲੀ ਜਾਣਕਾਰੀ ਸਾਂਝੀ ਕੀਤੀ। ਇਹ ਵਰਕਸ਼ਾਪ 28 ਮਾਰਚ ਨੂੰ ਸਮਾਪਤ ਹੋਵੇਗੀ